













ਮਾਨਵਤਾ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਚੜ੍ਹਦੀ ਕਲ੍ਹਾ ਨਾਲ ਮਨਾਉਣ ਲਈ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਸਿੰਘ ਸਭਾਵਾਂ ਤੋਂ ਪ੍ਰਮਿੰਦਰ ਸਿੰਘ ਦਸਮੇਸ਼ ਨਗਰ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ 17 ਨਵੰਬਰ ਦਿਨ ਸੋਮਵਾਰ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ ਵਿਚ ਬੱਚਿਆਂ ਦੇ ਨੌਵੀਂ ਪਾਤਿਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰਸ਼ਨ ਉੱਤਰ ਮੁਕਾਬਲੇ ਅਤੇ ਸ਼ਬਦ ਗਾਇਣ ਮੁਕਾਬਲੇ ਕਰਵਾਏ ਜਾਣਗੇ। 18 ਨਵੰਬਰ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ “ਸੀਸੁ ਦੀਆ ਪਰ ਸਿਰਰੁ ਨ ਦੀਆ” ਸਾਈਕਲ ਯਾਤਰਾ ਜੋ ਕਿ ਗੁਰਦਵਾਰਾ ਸੀਸ ਗੰਜ ਸਾਹਿਬ ਦਿੱਲੀ (ਸ਼ਹੀਦੀ ਅਸਥਾਨ) ਤੋਂ ਗੁਰਦਵਾਰਾ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ (ਜਨਮ ਅਸਥਾਨ) ਤੱਕ ਮਨਜੀਤ ਸਿੰਘ ਜੀ. ਕੇ. ਸੀਨੀਅਰ ਵਾਇਸ ਪ੍ਰੈਸੀਡੈਂਟ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿਚ ਜਬਰਨ ਜਾਂ ਲਾਲਚ ਅਧੀਨ ਧਰਮ ਪਰਿਵਰਤਨ ਦੇ ਖਿਲਾਫ, ਵਾਤਾਵਰਣ ਦੀ ਸ਼ੁੱਧਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹੋਏ ਕੱਢੀ ਜਾ ਰਹੀ ਹੈ, ਦੇ 18 ਨਵੰਬਰ ਨੂੰ ਜਲੰਧਰ ਪੁੱਜਣ ਤੇ ਬੀ ਐਸ ਐਫ ਚੋਂਕ ਤੋਂ ਲਾਡੋਵਾਲੀ ਰੋਡ ਰਾਹੀਂ ਗੁਰਦਵਾਰਾ ਦੀਵਾਨ ਅਸਥਾਨ ਤੱਕ ਲਿਆ ਕੇ ਪ੍ਰਬੰਧਕ ਕਮੇਟੀ ਅਤੇ ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸੰਬੰਧੀ ਬੀ ਐਸ ਐਫ ਚੌਂਕ ਤੋਂ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੱਕ ਰੂਟ ਤੇ ਸਵਾਗਤ ਲਈ ਵਪਾਰਿਕ ਜਥੇਬੰਦੀਆਂ ਨੂੰ ਦਿੱਲੀ ਤੋਂ ਆ ਰਹੀ ਸਾਈਕਲ ਯਾਤਰਾ ਦੀ ਆਓ ਭਗਤ ਲਈ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਵਲੋਂ ਬੇਨਤੀ ਪੱਤਰ ਦਿਤੇ ਗਏ। 19 ਨਵੰਬਰ ਦਿਨ ਬੁੱਧਵਾਰ ਨੂੰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਸੰਗਤਾਂ ਦੇ ਨਾਲ ਬੱਸਾਂ ਦੇ ਕਾਫ਼ਿਲੇ ਦੇ ਰੂਪ ਵਿਚ ਗੁਰਦਵਾਰਾ ਸੀਸ ਗੰਜ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਵਿਖ਼ੇ ਨਤਮਸਤਕ ਹੋਣ ਲਈ ਲਿਜਾਇਆ ਜਾਵੇਗਾ। ਸਿੰਘ ਸਭਾਵਾਂ ਦੇ ਨੁਮਾਇੰਦੇਆਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ 18 ਨਵੰਬਰ ਦੀ ਗੁਰਦਵਾਰਾ ਸੀਸ ਗੰਜ ਸਾਹਿਬ ਦਿੱਲੀ (ਸ਼ਹੀਦੀ ਅਸਥਾਨ) ਤੋਂ ਜਲੰਧਰ ਪੁੱਜ ਰਹੀ ਸਾਈਕਲ ਯਾਤਰਾ ਦਾ ਵੱਧ ਤੋਂ ਵੱਧ ਸਵਾਗਤ ਕੀਤਾ ਜਾਵੇ।