Home Sports 43ਵਾਂ ਇੰਡੀਅਨਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕੱਲ ਤੋਂ ਸ਼ੁਰੂ Sports 43ਵਾਂ ਇੰਡੀਅਨਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕੱਲ ਤੋਂ ਸ਼ੁਰੂ By News Desk - November 21, 2026 Facebook Twitter Pinterest WhatsApp Email Print Telegram ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਤਰੁਨਪ੍ਰੀਤ ਸਿੰਘ ਸੌਂਦ ਕਰਨਗੇ ਟੂਰਨਾਮੈਂਟ ਦਾ ਉਦਘਾਟਨ ਦਰਸ਼ਕਾਂ ਲਈ ਐਂਟਰੀ ਮੁਫ਼ਤ, ਲੱਕੀ ਡਰਾਅ ਰਾਹੀਂ ਮਿਲਣਗੇ ਆਕਰਸ਼ਕ ਇਨਾਮ ਬਿਯੂਰੋ: 43ਵੇਂ ਇੰਡੀਅਨਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਆਯੋਜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਵੱਕਾਰੀ ਟੂਰਨਾਮੈਂਟ ਭਲਕੇ (22 ਨਵੰਬਰ) ਤੋਂ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਰਜੀਤ ਸਿੰਘ ਵਾਲੀਆ, ਆਈ.ਏ.ਐਸ., ਡਿਪਟੀ ਕਮਿਸ਼ਨਰ ਜਲੰਧਰ ਅਤੇ ਪ੍ਰਧਾਨ, ਸੁਰਜੀਤ ਹਾਕੀ ਸੋਸਾਇਟੀ ਨੇ ਦੱਸਿਆ ਕਿ ਇਹ ਸਾਲਾਨਾ ਟੂਰਨਾਮੈਂਟ ਮਹਾਨ ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਵਰਗੀ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ। ਇਹ ਟੂਰਨਾਮੈਂਟ ਭਾਰਤੀ ਹਾਕੀ ਵਿੱਚ ਉਨ੍ਹਾਂ ਦੇ ਅਮੁੱਲੇ ਯੋਗਦਾਨ ਅਤੇ ਦੇਸ਼ ਵਿੱਚ ਇਸ ਖੇਡ ਨੂੰ ਪ੍ਰਫੁੱਲਤ ਕਰਨ ਤੇ ਵਿਕਸਿਤ ਕਰਨ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਸਮਰਪਿਤ ਹੈ। ਉਨ੍ਹਾਂ ਦਾ ਸਾਲ 1984 ਵਿੱਚ ਬੇਵਕਤੀ ਦੇਹਾਂਤ ਹੋ ਗਿਆ ਸੀ। ਵਾਲੀਆ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਟੀਮਾਂ ਦੇ ਰਹਿਣ-ਸਹਿਣ, ਖਾਣ-ਪੀਣ, ਆਵਾਜਾਈ, ਸੁਰੱਖਿਆ, ਮੈਡੀਕਲ ਸਹੂਲਤਾਂ ਅਤੇ ਹੋਰ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਟੇਡੀਅਮ ਵਿੱਚ ਦਰਸ਼ਕਾਂ ਲਈ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ। ਇੱਕ ਹਫ਼ਤਾ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ 12 ਨਾਮਵਰ ਹਾਕੀ ਟੀਮਾਂ ਹਿੱਸਾ ਲੈਣਗੀਆਂ। ਵਾਲੀਆ ਨੇ ਦੱਸਿਆ ਕਿ ਏਸ਼ੀਆ ਦੀਆਂ ਮੋਹਰੀ ਮਹਾਰਤਨ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਵਿੱਚੋਂ ਇੱਕ ਇੰਡੀਅਨਆਇਲ ਕਾਰਪੋਰੇਸ਼ਨ ਲਿਮਟਿਡ ਪਿਛਲੇ 37 ਸਾਲਾਂ ਤੋਂ ਇਸ ਟੂਰਨਾਮੈਂਟ ਨਾਲ ਮੁੱਖ ਟਾਈਟਲ ਸਪਾਂਸਰ ਵਜੋਂ ਜੁੜੀ ਹੋਈ ਹੈ। ਇਸ ਸਾਲ ਦੇ ਸਹਿ-ਸਪਾਂਸਰਾਂ ਵਿੱਚ ਅਮਰੀਕਾ ਦਾ ਗੱਖਲ ਗਰੁੱਪ, ਏ.ਜੀ.ਆਈ. ਇਨਫਰਾ ਜਲੰਧਰ, ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਕੈਪੀਟਲ ਸਮਾਲ ਫਾਈਨੈਂਸ ਬੈਂਕ, ਸਤਲੁਜ ਮੋਟਰਜ਼, ਇਨੋਸੈਂਟ ਹਾਰਟਸ ਗਰੁੱਪ ਅਤੇ ਅਲਫ਼ਾ ਹਾਕੀ ਸ਼ਾਮਲ ਹਨ। ਦਰਸ਼ਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸੋਸਾਇਟੀ ਵੱਲੋਂ ਦਰਸ਼ਕਾਂ ਅਤੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਤੇ ਟੀਮ ਅਧਿਕਾਰੀਆਂ ਲਈ ਆਕਰਸ਼ਕ ਇਨਾਮਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਮਾਰੂਤੀ ਆਲਟੋ ਕਾਰ, ਫਰਿੱਜ ਅਤੇ ਐਲ.ਸੀ.ਡੀ. ਟੈਲੀਵਿਜ਼ਨ ਸ਼ਾਮਲ ਹਨ, ਜੋ ਟੂਰਨਾਮੈਂਟ ਦੇ ਸਮਾਪਤੀ ਵਾਲੇ ਦਿਨ ਲੱਕੀ ਡਰਾਅ ਰਾਹੀਂ ਦਿੱਤੇ ਜਾਣਗੇ। ਆਲਟੋ ਕਾਰ ਜਲੰਧਰ ਦੀ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸਪਾਂਸਰ ਕੀਤੀ ਗਈ ਹੈ। ਵਾਲੀਆ ਨੇ ਕਿਹਾ ਕਿ ਹਾਲ ਹੀ ਵਿੱਚ ਜਲੰਧਰ ਵਿਖੇ ਕਰਵਾਈ ਗਈ ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਦਰਸ਼ਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਹਾਕੀ ਪ੍ਰੇਮੀਆਂ ਦੇ ਸਟੇਡੀਅਮ ਪਹੁੰਚਣ ਦੀ ਉਮੀਦ ਹੈ। ਸੁਰਜੀਤ ਹਾਕੀ ਸੋਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ, ਪੀ.ਸੀ.ਐੱਸ. (ਸੇਵਾਮੁਕਤ) ਨੇ ਦੱਸਿਆ ਕਿ ਇਹ ਟੂਰਨਾਮੈਂਟ ਲੀਗ-ਕਮ-ਨਾਕਆਊਟ ਆਧਾਰ ‘ਤੇ ਕਰਵਾਇਆ ਜਾਵੇਗਾ। ਦੇਸ਼ ਦੀਆਂ ਚੋਟੀ ਦੀਆਂ 12 ਰੈਂਕਿੰਗ ਵਾਲੀਆਂ ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਪੂਲ ਵਿੱਚ ਤਿੰਨ-ਤਿੰਨ ਟੀਮਾਂ ਹੋਣਗੀਆਂ। ਪੂਲ-A: ਇੰਡੀਅਨਆਇਲ, ਮੁੰਬਈ (ਪਿਛਲੇ ਸਾਲ ਦੀ ਜੇਤੂ), ਇੰਡੀਅਨ ਨੇਵੀ, ਮੁੰਬਈ ਅਤੇ ਰੇਲ ਕੋਚ ਫੈਕਟਰੀ (ਆਰ.ਸੀ.ਐੱਫ.), ਕਪੂਰਥਲਾ, ਪੂਲ-B: ਭਾਰਤ ਪੈਟਰੋਲੀਅਮ, ਮੁੰਬਈ (ਪਿਛਲੇ ਸਾਲ ਦੀ ਉਪ-ਜੇਤੂ), ਬਾਰਡਰ ਸਕਿਉਰਿਟੀ ਫੋਰਸ (ਬੀ.ਐੱਸ.ਐੱਫ.), ਜਲੰਧਰ ਅਤੇ ਆਰਮੀ-XI, ਪੂਲ-C: ਇੰਡੀਅਨ ਨੇਵੀ, ਮੁੰਬਈ, ਕੰਟਰੋਲਰ ਐਂਡ ਆਡੀਟਰ ਜਨਰਲ (ਸੀ.ਏ.ਜੀ.), ਦਿੱਲੀ ਅਤੇ ਪੰਜਾਬ ਪੁਲਿਸ, ਪੂਲ-D: ਪੰਜਾਬ ਐਂਡ ਸਿੰਧ ਬੈਂਕ, ਦਿੱਲੀ, ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.), ਦਿੱਲੀ ਅਤੇ ਭਾਰਤੀ ਹਵਾਈ ਸੈਨਾ, ਦਿੱਲੀ। ਹਰੇਕ ਪੂਲ ਵਿੱਚੋਂ ਪਹਿਲੇ ਦੋ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ। ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 27 ਨਵੰਬਰ ਨੂੰ ਅਤੇ ਗ੍ਰੈਂਡ ਫਿਨਾਲੇ 28 ਨਵੰਬਰ, 2026 ਨੂੰ ਖੇਡਿਆ ਜਾਵੇਗਾ। ਸੰਧੂ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੁਕਾਬਲਿਆਂ ਅਤੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਕ੍ਰਮਵਾਰ 27 ਅਤੇ 28 ਨਵੰਬਰ ਨੂੰ ਪੀ.ਟੀ.ਸੀ. ਨਿਊਜ਼ ਅਤੇ ਪੀ.ਟੀ.ਸੀ. ਗੋਲਡ ਚੈਨਲਾਂ ‘ਤੇ ਕੀਤਾ ਜਾਵੇਗਾ। ਹਾਕੀ ਪ੍ਰੇਮੀਆਂ ਲਈ ਆਲ ਇੰਡੀਆ ਰੇਡੀਓ, ਜਲੰਧਰ ਵੱਲੋਂ ਫਾਈਨਲ ਮੈਚ ਦੀ ਗੇਂਦ-ਦਰ-ਗੇਂਦ ਲਾਈਵ ਕੁਮੈਂਟਰੀ ਵੀ ਪ੍ਰਸਾਰਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਟੂਰਨਾਮੈਂਟ ਦੇ ਅਧਿਕਾਰਤ ਯੂ-ਟਿਊਬ ਚੈਨਲ ‘ਤੇ ਵੀ ਕੀਤਾ ਜਾਵੇਗਾ। ਟੂਰਨਾਮੈਂਟ ਦੇ ਸਮਾਪਤੀ ਵਾਲੇ ਦਿਨ ਦਾ ਵਿਸ਼ੇਸ਼ ਆਕਰਸ਼ਣ ਇੱਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੱਬਾ ਆਪਣੀ ਲਾਈਵ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਪ੍ਰੋਗਰਾਮ 28 ਨਵੰਬਰ ਨੂੰ ਸ਼ਾਮ 5:00 ਵਜੇ ਤੋਂ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਇਆ ਜਾਵੇਗਾ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੀ ਸਹੂਲਤ ਲਈ ਸਟੇਡੀਅਮ ਵਿਖੇ ਇੱਕ ਪੂਰੀ ਤਰ੍ਹਾਂ ਸੁਸੱਜਿਤ ਮੀਡੀਆ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਸੁਰਜੀਤ ਹਾਕੀ ਸੋਸਾਇਟੀ ਵੱਲੋਂ ਸਮੂਹ ਹਾਕੀ ਪ੍ਰੇਮੀਆਂ ਅਤੇ ਖੇਡ ਪ੍ਰੇਮੀਆਂ ਨੂੰ ਦੇਸ਼ ਦੇ ਇਸ ਵੱਕਾਰੀ ਹਾਕੀ ਟੂਰਨਾਮੈਂਟ ਦੇ ਮੁਕਾਬਲੇ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਾਰੇ ਮੈਚਾਂ ਲਈ ਸਟੇਡੀਅਮ ਵਿੱਚ ਦਾਖਲਾ ਬਿਲਕੁਲ ਮੁਫ਼ਤ ਰਹੇਗਾ। ਟੂਰਨਾਮੈਂਟ ਦਾ ਰਸਮੀ ਉਦਘਾਟਨ 22 ਨਵੰਬਰ ਨੂੰ ਸ਼ਾਮ 5:30 ਵਜੇ ਫਲੱਡ ਲਾਈਟਾਂ ਦੀ ਰੌਸ਼ਨੀ ਹੇਠ ਪੰਜਾਬ ਸਰਕਾਰ ਦੇ ਦੋਵੇਂ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਅਤੇ ਤਰੁਨਪ੍ਰੀਤ ਸਿੰਘ ਸੌਂਦ ਕਰਨਗੇ। ਇਸ ਮੌਕੇ ਨਿਤਿਨ ਕੋਹਲੀ, ਪ੍ਰਧਾਨ, ਹਾਕੀ ਪੰਜਾਬ ਅਤੇ ਰਮੇਸ਼ ਕੁਮਾਰ, ਸੀਨੀਅਰ ਮੈਨੇਜਰ (ਰਿਟੇਲ ਸੇਲਜ਼), ਇੰਡੀਅਨਆਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੈਚਾਂ ਦਾ ਵੇਰਵਾ – 22 ਨਵੰਬਰ, 2026 1. ਭਾਰਤ ਪੈਟਰੋਲੀਅਮ, ਮੁੰਬਈ ਬਨਾਮ ਪੰਜਾਬ ਐਂਡ ਸਿੰਧ ਬੈਂਕ, ਦਿੱਲੀ – ਦੁਪਹਿਰ 2:25 ਵਜੇ। 2. ਭਾਰਤੀ ਹਵਾਈ ਸੈਨਾ, ਦਿੱਲੀ ਬਨਾਮ ਪੰਜਾਬ ਐਂਡ ਸਿੰਧ ਬੈਂਕ, ਦਿੱਲੀ – ਦੁਪਹਿਰ 3:45 ਵਜੇ। 3. ਇੰਡੀਅਨਆਇਲ, ਮੁੰਬਈ ਬਨਾਮ ਬੀ.ਐੱਸ.ਐੱਫ., ਜਲੰਧਰ – ਸ਼ਾਮ 5:30 ਵਜੇ।