Home Sports ਜਲੰਧਰ: 43ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਸਤਲੁਜ ਮੋਟਰਜ਼ ਵੱਲੋਂ ਦਰਸ਼ਕਾਂ...

ਜਲੰਧਰ: 43ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਸਤਲੁਜ ਮੋਟਰਜ਼ ਵੱਲੋਂ ਦਰਸ਼ਕਾਂ ਲਈ ਮਾਰੂਤੀ ਆਲਟੋ ਕਾਰ ਸਪਾਂਸਰ

ਸੁਰਜੀਤ ਹਾਕੀ ਦੇਖੋ—ਆਲਟੋ ਕਾਰ ਜਿੱਤੋ”

ਬਿਯੂਰੋ: ਦੇਸ਼ ਦੇ ਪ੍ਰਸਿੱਧ 43ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਹਾਕੀ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਹੋਰ ਵਧਾਉਣ ਲਈ ਜਲੰਧਰ ਦੀ ਨਾਮਵਰ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਮਾਰੂਤੀ ਆਲਟੋ ਏ.ਸੀ. ਕਾਰ ਸਪਾਂਸਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ, ਪੀ.ਪੀ.ਐੱਸ. (ਸੇਵਾਮੁਕਤ) ਨੇ ਦੱਸਿਆ ਕਿ ਸੁਰਜੀਤ ਹਾਕੀ ਸੁਸਾਇਟੀ ਅਤੇ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਕੰਪਨੀ ਵੱਲੋਂ ਟੂਰਨਾਮੈਂਟ ਦੇ ਦਰਸ਼ਕਾਂ ਲਈ ਮਾਰੂਤੀ ਆਲਟੋ ਏ.ਸੀ. ਕਾਰ ਇਨਾਮ ਵਜੋਂ ਸਪਾਂਸਰ ਕਰਨ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਭਾਰਤ ਦੀ ਨਾਮਵਰ ਬੱਸ ਅਤੇ ਕੋਚ ਨਿਰਮਾਤਾ ਕੰਪਨੀ ਹੈ ਅਤੇ ਕੰਪਨੀ ਵੱਲੋਂ ਹਮੇਸ਼ਾ ਖੇਡਾਂ, ਖ਼ਾਸ ਕਰਕੇ ਹਾਕੀ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ। ਉਹਨਾਂ ਸਤਲੁਜ ਮੋਟਰਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਾਕੀ ਦੀ ਖੇਡ ਨੂੰ ਪਿਆਰ ਕਰਨ ਵਾਲੇ ਅਜਿਹੇ ਸਪਾਂਸਰਾਂ ਕਾਰਣ ਹੀ ਪੰਜਾਬ ਖੇਡਾਂ ਅਤੇ ਖਾਸ ਕਰਕੇ ਹਾਕੀ ਵਿਚ ਮੱਲਾਂ ਮਰ ਰਿਹਾ ਹੈ ।

ਮੀਟਿੰਗ ਦੌਰਾਨ ਸਤਲੁਜ ਮੋਟਰਜ਼ ਵੱਲੋਂ ਨਰਿੰਦਰ ਸਿੰਘ ਵਿਲਖੂ (ਚੇਅਰਮੈਨ ਤੇ ਸੀ.ਈ.ਓ.), ਪਰਮਜੀਤ ਸਿੰਘ ਵਿਲਖੂ (ਮੈਨੇਜਿੰਗ ਡਾਇਰੈਕਟਰ), ਅੰਮ੍ਰਿਤ ਪਾਲ ਸਿੰਘ, ਹਰਸਿਮਰਤ ਸਿੰਘ ਅਤੇ ਹਰਕਮਲ ਜੀਤ ਸਿੰਘ ਵਿਲਖੂ (ਡਾਇਰੈਕਟਰਜ਼) ਹਾਜ਼ਰ ਸਨ।

ਇਸ ਮੌਕੇ ਸਤਲੁਜ ਮੋਟਰਜ਼ ਦੇ ਚੇਅਰਮੈਨ ਤੇ ਸੀ.ਈ.ਓ. ਨਰਿੰਦਰ ਸਿੰਘ ਵਿਲਖੂ ਨੇ ਕਿਹਾ ਕਿ ਜਲੰਧਰ ਭਾਰਤੀ ਹਾਕੀ ਦਾ ਮੱਕਾ ਹੈ ਅਤੇ ਸਤਲੁਜ ਮੋਟਰਜ਼ ਵੱਲੋਂ ਹਾਕੀ ਦੀ ਤਰੱਕੀ ਲਈ ਹਮੇਸ਼ਾ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕੰਪਨੀ ਵੱਲੋਂ ਸੁਰਜੀਤ ਹਾਕੀ ਟੂਰਨਾਮੈਂਟ ਲਈ ₹2.50 ਲੱਖ ਦਾ ਯੋਗਦਾਨ ਦਿੱਤਾ ਗਿਆ ਸੀ। ਇਸ ਵਾਰ ਕੰਪਨੀ ਨੇ ਟੂਰਨਾਮੈਂਟ ਦੇ ਦਰਸ਼ਕਾਂ ਨੂੰ ਦਿੱਤੀ ਜਾਣ ਵਾਲੀ ਮਾਰੂਤੀ ਆਲਟੋ ਏ.ਸੀ. ਕਾਰ ਸਪਾਂਸਰ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਵਿਲਖੂ ਨੇ ਕਿਹਾ ਕਿ ਉਹ ਸੁਰਜੀਤ ਹਾਕੀ ਟੂਰਨਾਂਮੈਂਟ ਪਰਿਵਾਰ ਦੇ ਮੈਂਬਰ ਦੇ ਬਣਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਭਵਿੱਖ ਵਿਚ ਵੀ ਕੇਵਲ ਆਲਟੋ ਕਰ ਹੀ ਨਹੀਂ ਬਲਕਿ ਹੋਰ ਇਕਸੇ ਪਾਰਕਰ ਦੀ ਸੇਵਾ ਹੋਗੀ, ਉਸ ਵਿੱਚ ਬਣਦਾ ਸਹਿਯੋਗ ਪਾਉਣਗੇ ।

ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਨੇ “ਸੁਰਜੀਤ ਹਾਕੀ ਦੇਖੋ—ਆਲਟੋ ਕਾਰ ਜਿੱਤੋ” ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਰਸ਼ਕਾਂ ਲਈ ਇਹ ਇਨਾਮ ਰੱਖਣ ਦਾ ਮੁੱਖ ਮੰਤਵ ਆਮ ਲੋਕਾਂ ਵਿੱਚ ਰਾਸ਼ਟਰੀ ਖੇਡ ਹਾਕੀ ਪ੍ਰਤੀ ਵਧੇਰੇ ਦਿਲਚਸਪੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਟੇਡੀਅਮ ਵੱਲ ਆਕਰਸ਼ਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਾਰੂਤੀ ਆਲਟੋ ਕਾਰ ਤੋਂ ਇਲਾਵਾ ਦਰਸ਼ਕਾਂ ਲਈ ਫਰਿੱਜ, ਐਲ.ਸੀ.ਡੀ., ਵਾਸ਼ਿੰਗ ਮਸ਼ੀਨ ਅਤੇ ਹੋਰ ਦਿਲਚਸਪ ਇਨਾਮ ਵੀ ਰੱਖੇ ਜਾਣਗੇ। 22 ਤੋਂ 28 ਨਵੰਬਰ ਤੱਕ ਹਰ ਰੋਜ਼ ਸੁਰਜੀਤ ਹਾਕੀ ਸਟੇਡੀਅਮ ਦੇ ਹਰੇਕ ਐਂਟਰੀ ਗੇਟ ’ਤੇ ਦਰਸ਼ਕਾਂ ਨੂੰ ਲੱਕੀ ਡਰਾਅ ਕੂਪਨ ਮੁਫ਼ਤ ਦਿੱਤੇ ਜਾਣਗੇ। ਇਸੇ ਤਰ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਪਹਿਲੇ ਮੈਚ ਵਾਲੇ ਦਿਨ ਲੱਕੀ ਕੂਪਨ ਜਾਰੀ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਾਰੇ ਇਨਾਮਾਂ ਦਾ ਲੱਕੀ ਡਰਾਅ 28 ਨਵੰਬਰ ਨੂੰ ਫਾਈਨਲ ਮੈਚ ਦੀ ਸਮਾਪਤੀ ਤੋਂ ਤੁਰੰਤ ਬਾਅਦ ਮੌਕੇ ’ਤੇ ਹੀ ਕੱਢਿਆ ਜਾਵੇਗਾ। ਇਸ ਸਬੰਧੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਪ੍ਰਤਾਪ ਦੀ ਚੇਅਰਮੈਨਸ਼ਿਪ ਹੇਠ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਖਹਿਰਾ ਨੇ ਦੱਸਿਆ ਕਿ 43ਵਾਂ ਸੁਰਜੀਤ ਹਾਕੀ ਟੂਰਨਾਮੈਂਟ 22 ਤੋਂ 28 ਨਵੰਬਰ ਤੱਕ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿਖੇ ਕਰਵਾਇਆ ਜਾਵੇਗਾ। ਟੂਰਨਾਮੈਂਟ ਦੇ ਸਾਰੇ ਮੈਚ ਦੇਖਣ ਲਈ ਦਰਸ਼ਕਾਂ ਦਾ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ।