Home Punjab ਜਲੰਧਰ: ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਮਾਡਲ ਟਾਊਨ ਸ਼ੋਪਕੀਪਰ ਐਸੋਸੀਏਸ਼ਨ ਨੇ ਪ੍ਰਧਾਨ...

ਜਲੰਧਰ: ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਮਾਡਲ ਟਾਊਨ ਸ਼ੋਪਕੀਪਰ ਐਸੋਸੀਏਸ਼ਨ ਨੇ ਪ੍ਰਧਾਨ ਰਾਜੀਵ ਦੁੱਗਲ ਦੀ ਅਗੁਵਾਈ ਚ’ ਕੀਤੀ ਮੁਲਾਕਾਤ, ਪੜ੍ਹੋ ਤੇ ਦੇਖੋ

ਬਿਊਰੋ (ਗੋਲਮਾਲ ਨਿਊਜ਼) : ਮਾਡਲ ਟਾਊਨ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ (ਰਜਿ.), ਜਲੰਧਰ ਦੇ ਪ੍ਰਧਾਨ ਰਾਜੀਵ ਕੁਮਾਰ ਦੁੱਗਲ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਗਵਰਨਿੰਗ ਬਾਡੀ ਮੈਂਬਰਾਂ ਅਤੇ ਸਾਥੀਆਂ ਨੇ ਨਵੇਂ ਕਮਿਸ਼ਨਰ ਆਫ਼ ਪੁਲਿਸ, ਜਲੰਧਰ ਸਤਿੰਦਰ ਸਿੰਘ (IPS) ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।

ਇਸ ਮੌਕੇ ਚੇਅਰਮੈਨ ਲਖਬੀਰ ਸਿੰਘ ਲਾਲੀ ਘੁੰਮਣ, ਵਾਈਸ ਚੇਅਰਮੈਨ ਸੁਖਬੀਰ ਸਿੰਘ ਸੁੱਖੀ, ਵਾਈਸ ਪ੍ਰਧਾਨ ਰਮੇਸ਼ ਲਖਨਪਾਲ, ਭੁਪਿੰਦਰ ਸਿੰਘ ਪਿੰਦਾ, ਅਨਿਲ ਅਰੋੜਾ, ਜਸਵੰਤ ਸਿੰਘ ਪਿੰਟੂ, ਜੀ.ਐਸ. ਨਾਗਪਾਲ, ਵਿਜੇ ਖੁੱਲਰ, ਦਿਵਜੋਤ ਸਿੰਘ, ਅੰਤਰਪ੍ਰੀਤ ਸਿੰਘ, ਐਸ.ਪੀ. ਸਿੰਘ ਟਿੰਗਰਾ ਅਤੇ ਮੋਨੂ ਮਹਿਤਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।

ਐਸੋਸੀਏਸ਼ਨ ਵੱਲੋਂ ਕਮਿਸ਼ਨਰ ਆਫ਼ ਪੁਲਿਸ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਪ੍ਰਧਾਨ ਰਾਜੀਵ ਦੁੱਗਲ ਨੇ ਕਿਹਾ ਕਿ ਸਤਿੰਦਰ ਸਿੰਘ ਵਰਗੇ ਤਜਰਬੇਕਾਰ ਅਤੇ ਕਰਤਵਨਿਸ਼ਠ ਅਧਿਕਾਰੀ ਦੇ ਜਲੰਧਰ ਆਉਣ ਨਾਲ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਵਪਾਰਕ ਵਰਗ ਨੂੰ ਵੀ ਵੱਡਾ ਭਰੋਸਾ ਮਿਲੇਗਾ।

ਕਮਿਸ਼ਨਰ ਆਫ਼ ਪੁਲਿਸ ਸਤਿੰਦਰ ਸਿੰਘ (IPS) ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਜਲੰਧਰ ਨੂੰ ਹੋਰ ਸੁਰੱਖਿਅਤ, ਸੁਚੱਜਾ ਅਤੇ ਵਿਕਾਸਸ਼ੀਲ ਸ਼ਹਿਰ ਬਣਾਉਣ ਲਈ ਉਹ ਲੋਕਾਂ ਅਤੇ ਵਪਾਰਕ ਭਾਈਚਾਰੇ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਜਲੰਧਰ ਲਈ ਨਵੇਂ ਨਹੀਂ ਹਨ ਅਤੇ ਸ਼ਹਿਰ ਦੀਆਂ ਲੋੜਾਂ ਅਤੇ ਸਮੱਸਿਆਵਾਂ ਨਾਲ ਭਲੀ-ਭਾਂਤ ਜਾਣੂ ਹਨ।

ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਮਾਡਲ ਟਾਊਨ ਮਾਰਕੀਟ ਦਾ ਦੌਰਾ ਕਰਨ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨਾਲ “ਕੱਪ ਆਫ ਕੌਫੀ” ਦੌਰਾਨ ਵਿਚਾਰ-ਵਟਾਂਦਰਾ ਕਰਨ ਦਾ ਭਰੋਸਾ ਵੀ ਦਿੱਤਾ, ਤਾਂ ਜੋ ਮਾਰਕੀਟ ਅਤੇ ਵਪਾਰੀਆਂ ਨਾਲ ਸਬੰਧਿਤ ਮੁੱਦਿਆਂ ਨੂੰ ਨਜ਼ਦੀਕ ਤੋਂ ਸਮਝਿਆ ਜਾ ਸਕੇ।

ਮੁਲਾਕਾਤ ਦੌਰਾਨ ਚੇਅਰਮੈਨ ਲਖਬੀਰ ਸਿੰਘ ਲਾਲੀ ਘੁੰਮਣ ਨੇ ਮਾਡਲ ਟਾਊਨ ਮਾਰਕੀਟ ਦੀਆਂ ਕੁਝ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ। ਪੁਲਿਸ ਕਮਿਸ਼ਨਰ ਨੇ ਤੁਰੰਤ ਆਪਣੇ ਅਧਿਕਾਰੀਆਂ ਨੂੰ ਇਨ੍ਹਾਂ ਮਸਲਿਆਂ ਦੇ ਪਹਿਲੇ ਪੱਧਰ ’ਤੇ ਨਿਪਟਾਰੇ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਅੰਤ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਕਮਿਸ਼ਨਰ ਆਫ਼ ਪੁਲਿਸ ਸਤਿੰਦਰ ਸਿੰਘ (IPS) ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਕਾਨੂੰਨ-ਵਿਵਸਥਾ, ਸੁਰੱਖਿਆ ਅਤੇ ਵਿਕਾਸ ਦੇ ਖੇਤਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰੇਗਾ।