







ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸੰਗਤਾਂ ਦੀ ਭਾਰੀ ਸ਼ਮੂਲੀਅਤ
ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਚੁਪਹਿਰਾ ਸਮਾਗਮ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਏ ਗਏ। ਬਾਣੀ ਦੇ ਜਾਪ ਅਤੇ ਇਲਾਹੀ ਕੀਰਤਨ ਨਾਲ ਦੂਰੋਂ ਨੇੜਿਓਂ ਪੁੱਜੀਆਂ ਸੰਗਤਾਂ ਦੇ ਭਾਰੀ ਇਕੱਠ ਨੇ ਆਪਣਾ ਜੀਵਨ ਸਫਲਾ ਕੀਤਾ। ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ, ਨਿਰਮਲ ਸਿੰਘ ਬੇਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਪਿਛਲੇ ਸਵਾ ਸਾਲ ਤੋਂ ਸੰਗਤਾਂ ਇਸ ਪੁਰਾਤਨ ਅਸਥਾਨ ਤੇ ਚਲ ਰਹੇ ਚੁਪਹਿਰਾ ਸਮਾਗਮ ਵਿੱਚ ਸ਼ਾਮਿਲ ਹੋ ਕੇ ਅਤੇ ਸੰਗਤੀ ਰੂਪ ਵਿਚ ਅਰਦਾਸ ਕਰਕੇ ਆਪਾ ਸਵਾਰ ਰਹੀਆਂ ਹਨ। ਅੱਜ ਦੇ ਸਮਾਗਮ ਵਿੱਚ ਦੇਸ਼ ਕੌਮ ਦੀ ਸੁੱਖ ਸ਼ਾਂਤੀ ਅਤੇ ਚੜਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਸਹਿਜ ਪਾਠ ਕਰਣ, ਗੁਰੂ ਸਾਹਿਬਾਨ ਦੀਆਂ ਦਿੱਤੀਆਂ ਸਿਖਿਆਵਾਂ ਤੇ ਚੱਲਣ ਅਤੇ ਅੰਮ੍ਰਿਤ ਵੇਲਾ ਸੰਭਾਲਣ ਦੀ ਪੁਰਜੋਰ ਬੇਨਤੀ ਕੀਤੀ। ਸਮਾਪਤੀ ਤੇ ਚਾਹ, ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।