Home Uncategorized ਪਿੰਡ ਕਡਿਆਣਾ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ; 27 ਦਾਨੀਆਂ ਨੇ ਮਾਨਵਤਾ...

ਪਿੰਡ ਕਡਿਆਣਾ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ; 27 ਦਾਨੀਆਂ ਨੇ ਮਾਨਵਤਾ ਦੇ ਲੇਖੇ ਲਾਇਆ ਖੂਨ

“ਖੂਨ ਦਾਨ-ਮਹਾ ਦਾਨ: ਤੁਹਾਡੀ ਰਗਾਂ ‘ਚ ਵਗਦਾ ਖੂਨ, ਕਿਸੇ ਦੀ ਜ਼ਿੰਦਗੀ ਦਾ ਚਿਰਾਗ ਬਣ ਸਕਦਾ ਹੈ”

ਬਿਯੂਰੋ: ਮਾਨਵਤਾ ਦੀ ਸੇਵਾ ਨੂੰ ਸਮਰਪਿਤ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ, ਪੀਟਰ ਸਿੱਧੂ ਅਤੇ ਸਮੂਹ ਸਿੱਧੂ ਪਰਿਵਾਰ ਵੱਲੋਂ ਪਿੰਡ ਕਡਿਆਣਾ ਵਿਖੇ ਇੱਕ ਮਹਾਨ ਖੂਨ ਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਉਂਦਿਆਂ 27 ਯੂਨਿਟ ਖੂਨ ਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ।

ਕੈਂਪ ਦੌਰਾਨ ਮੁੱਖ ਪ੍ਰਬੰਧਕ ਰਮਨ ਬੈਂਸ ਦੀ ਅਗਵਾਈ ਹੇਠ ਦੋਆਬਾ ਬਲੱਡ ਬੈਂਕ, ਜਲੰਧਰ ਦੀ ਮਾਹਰ ਟੀਮ ਵੱਲੋਂ ਖੂਨ ਦੀਆਂ ਯੂਨਿਟਾਂ ਪੂਰੀ ਸਾਵਧਾਨੀ ਅਤੇ ਨੇਮਾਂ ਨਾਲ ਇਕੱਤਰ ਕੀਤੀਆਂ ਗਈਆਂ।

ਮੁੱਖ ਮਹਿਮਾਨਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਕੀਤਾ ਗਿਆ ਸਨਮਾਨ:

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਕਾਂਗਰਸ ਪ੍ਰਧਾਨ ਅਸ਼ਵਨੀ ਭੱਲਾ ਅਤੇ ਯੂਥ ਕਾਂਗਰਸ ਪ੍ਰਧਾਨ ਹਨੀ ਜੋਸ਼ੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਸਮਾਜ ਵਿੱਚ ਚੰਗੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਹਰੇਕ ਖੂਨਦਾਨੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਪਹੁੰਚੀਆਂ ਇਲਾਕੇ ਦੀਆਂ ਹੋਰ ਮੋਹਤਬਰ ਸ਼ਖਸੀਅਤਾਂ—ਪਿੰਡ ਦੇ ਸਰਪੰਚ ਤੀਰਥ ਰਾਮ, ਸਿਵਿਲ ਡਿਫ਼ੈਂਸ ਦੇ ਅਧਿਕਾਰੀ ਅਤੇ ਸਮੂਹ ਸਟਾਫ਼, ਲੰਬਾਰਦਾਰ ਦਵਿੰਦਰ ਪੁਵਾਰ, ਮੋਹਣ ਲਾਲ ਪੁਵਾਰ, ਸਰਵਣ ਦਾਸ ਅਤੇ ਮਾਸਟਰ ਸ਼ਿਵਰਾਜ ਕੁਮਾਰ ਦਾ ਵੀ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

ਪਰਿਵਾਰ ਅਤੇ ਕਲੱਬ ਦਾ ਸਾਂਝਾ ਉਪਰਾਲਾ:

ਇਸ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਪੀਟਰ ਸਿੱਧੂ ਅਤੇ ਉਨ੍ਹਾਂ ਦਾ ਸਮੂਹ ਪਰਿਵਾਰ ਪੂਰਨ ਤੌਰ ‘ਤੇ ਹਾਜ਼ਰ ਰਿਹਾ। ਇਸ ਮੌਕੇ ਕਲੱਬ ਮੈਂਬਰਾਂ ਸੁਮੇਸ਼ ਪੁਵਾਰ, ਰਜਿੰਦਰ ਪੁਵਾਰ, ਗੌਤਮ ਪੁਵਾਰ, ਵਿੱਕੀ ਬਸਰਾ, ਗੁਰਦੇਵ ਸਿੰਘ, ਅਰਮਾਨ ਬੈਂਸ, ਅਤੇ ਸਨੀ ਪੁਵਾਰ ਆਦਿ ਨੇ ਤਨਦੇਹੀ ਨਾਲ ਸੇਵਾ ਨਿਭਾਈ।

ਕੈਂਪ ਦੇ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਈਆਂ ਸਾਰੀਆਂ ਸ਼ਖਸੀਅਤਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਕੁਰੀਤੀਆਂ ਤੋਂ ਦੂਰ ਰੱਖ ਕੇ ਸਮਾਜ ਸੇਵਾ ਦੇ ਲੇਖੇ ਲਾਉਣ ਲਈ ਬਹੁਤ ਜਰੂਰੀ ਹਨ।